ਵਿਦੇੇਸ਼ਾਂ ਤੱਕ ਧਾਕ ਹੈ ਜੰਡਵਾਲਾ ਖਰਤਾ ਦੇ ਸੁਖਚੈਨ ਸਿੰਘ ਦੇ ਫੁੱਲਾਂ ਦੇ ਬੀਜਾਂ ਦੀ
ਫੁਲਾਂ ਦੀ ਖੇਤੀ ਕਰਨ ਵਾਲਾ ਨੌਜਵਾਨ ਬਣਿਆ ਕਿਸਾਨਾਂ ਲਈ ਰਾਹ ਦਸੇਰਾ
ਫਾਜ਼ਿਲਕਾ 30 ਦਸੰਬਰ, ਫਾਜਿ਼ਲਕਾ ਜਿ਼ਲ੍ਹੇ ਦੇ ਪਿੰਡ ਜੰਡਵਾਲਾ ਖਰਤਾ ਦਾ ਨੌਜਵਾਨ ਸੁਖਚੈਨ ਸਿੰਘ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ। ਇਸ ਕਿਸਾਨ ਨੇ 2014 ਵਿਚ ਫੁਲਾਂ ਦੀ ਖੇਤੀ ਸ਼ੁਰੂ ਕੀਤੀ ਸੀ ਅਤੇ ਅੱਜ ਇਸ ਦੇ ਖੇਤਾਂ ਵਿਚ ਪੈਦਾ ਹੁੰਦੇ ਫੁਲਾਂ ਦੇ ਬੀਜਾਂ ਦੀ ਧਾਕ ਵਿਦੇਸ਼ਾਂ ਤੱਕ ਹੈ।
ਪਿੰਡ ਜੰਡਵਾਲਾ ਖਰਤਾ ਦੇ ਸ: ਹਰਬੰਸ ਸਿੰਘ ਦਾ ਪੁੱਤਰ ਸੁਖਚੈਨ ਸਿੰਘ ਅਜਿਹਾ ਮਿਹਨਤੀ ਨੌਜਵਾਨ ਹੈ ਜਿਸ ਨੇ ਖੇਤੀ ਵਿਚ ਸਫਲਤਾ ਦੀ ਨਵੀਂ ਕਹਾਣੀ ਲਿਖੀ ਹੈ। ਉਸਨੇ ਬਹੁਤ ਥੋੜੇ ਰਕਬੇ ਤੋਂ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ ਅਤੇ ਹੁਣ ਉਹ ਫੁੱਲਾਂ ਦੇ ਬੀਜਾਂ ਦੀ ਪੈਦਾਵਾਰ ਵਿਚ ਨਾਮਣਾ ਖੱਟ ਰਿਹਾ ਹੈ। ਉਸ ਵੱਲੋਂ ਬੀਜ ਨਿਰਯਾਤਕਾ ਨਾਲ ਤਾਲਮਲੇ ਕਰਕੇ ਇਹ ਖੇਤੀ ਕੀਤੀ ਜਾ ਰਹੀ ਹੈ ਅਤੇ ਉਸਦੇ ਖੇਤਾਂ ਵਿਚ ਪੈਦਾ ਹੁੰਦੇ ਫੁਲਾਂ ਦੇ ਬੀਜ ਨਿਰਯਾਤ ਹੋ ਰਹੇ ਹਨ।
ਸੁਖਚੈਨ ਸਿੰਘ ਦੱਸਦਾ ਹੈ ਕਿ ਉਸਦੇ ਖੇਤਾਂ ਵਿਚ ਇਸ ਵੇਲੇ 14 ਏਕੜ ਵਿਚ 25 ਕਿਸਮਾਂ ਦੇ ਫੁਲਾਂ ਦੇ ਬੀਜ ਪੈਦਾ ਕਰਨ ਲਈ ਫੁੱਲ ਲਗਾਏ ਹੋਏ ਹਨ। ਜਿਸ ਵਿਚ ਕੈਲਨਡੁਲਾ ਨਸਟਰਸੀਅਮ, ਅਲਾਈਸਮ, ਨਿਮੋਫਿਲਾ, ਕੈਲਫੌਰਨੀਆਂ ਪੌਪੀ, ਡੇਜੀ, ਫਲਾਕਸ, ਚੈਰੀਸੈਂਥੀਅਮ,ਲਾਇਆ ਆਦਿ ਫੁਲਾਂ ਦੇ ਨਾਂਅ ਸ਼ਾਮਿਲ ਹੈ।
ਸੁਖਚੈਨ ਸਿੰਘ ਨੇ ਦੱਸਿਆ ਕਿ ਫੁਲਾਂ ਦੀ ਕਾਸਤ ਹਾੜ੍ਹੀ ਵਿਚ ਹੁੰਦੀ ਹੈ ਅਤੇ ਕਣਕ ਦੇ ਮੁਕਾਬਲੇ ਦੁੱਗਣੇ ਤੋਂ ਚਾਰ ਗੁਣਾ ਤੱਕ ਮੁਨਾਫਾ ਹੁੰਦਾ ਹੈ ਜਦ ਕਿ ਇਸ ਲਈ ਆਮ ਜਮੀਨਾਂ ਅਤੇ ਪਾਣੀ ਚਾਹੀਦਾ ਹੈ।
ਇਸਦੇ ਨਾਲ ਨਾਲ ਉਹ ਗੇਂਦੇ ਅਤੇ ਪਿਆਜ ਦੀ ਇੰਟਰਕਰਾਪਿੰਗ ਵੀ ਕਰਦਾ ਹੈ। ਇਸ ਨਾਲ ਆਮਦਨ ਵਿਚ ਹੋਰ ਵਾਧਾ ਹੋ ਜਾਂਦਾ ਹੈ। ਕੁਦਰਤ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਇਸ ਨੌਜਵਾਨ ਕਿਸਾਨ ਨੇ ਆਪਣੇ ਖੇਤ ਵਿਚ ਬਣੇ ਸਟੋਰ ਦੀਆਂ ਦਿਵਾਰਾਂ ਤੇ ਪੈਂਤੀ ਵਰਨਮਾਲਾ ਦੀ ਪੇਟਿੰਗ ਵੀ ਕਰਵਾਈ ਹੋਈ ਹੈ।
ਸੁਖਚੈਨ ਸਿੰਘ ਅਜਿਹੀ ਸੋਚ ਦਾ ਮਾਲਕ ਹੈ ਜਿਸ ਵਿਚ ਉਹ ਖੁਦ ਹੀ ਨਹੀਂ ਬਲਕਿ ਹੋਰਨਾਂ ਨੂੰ ਵੀ ਅੱਗੇ ਵੱਧਣ ਵਿਚ ਸਹਾਈ ਕਰਦਾ ਹੈ। ਉਸਦੀ ਪ੍ਰੇਰਣਾ ਨਾਲ ਹੁਣ 10 ਏਕੜ ਰਕਬੇ ਵਿਚ ਹੋਰ ਕਿਸਾਨਾਂ ਨੇ ਵੀ ਫੁਲਾਂ ਦੀ ਕਾਸਤ ਆਰੰਭ ਕੀਤੀ ਹੈ।
ਓਧਰ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਤਜਿੰਦਰ ਸਿੰਘ ਨੇ ਇਸ ਸੰਬਧੀ ਕਿਹਾ ਕਿ ਫੁਲਾਂ ਦੀ ਕਾਸਤ ਵਿਚ ਬਹੁਤ ਸੰਭਾਵਨਾਵਾਂ ਹਨ ਤੇ ਇੱਛੁਕ ਕਿਸਾਨਾਂ ਨੂੰ ਬਾਗਬਾਨੀ ਵਿਭਾਗ ਨਾਲ ਰਾਬਤਾ ਕਰਨਾ ਚਾਹੀਦਾ ਹੈ।