‘ਐਮੀ ਵਿਰਕ’ ਦੀ ਆਉਣ ਵਾਲੀ ਫ਼ਿਲਮ ਆਜਾ ਮੈਕਸੀਕੋ ਚੱਲੀਏ ਦਾ ਟਰੇਲਰ ਹੋਇਆ ਰਿਲੀਜ਼, ਸੰਜੀਦਾ ਮੁੱਦੇ ਨਾਲ ਸਬੰਧਿਤ ਫ਼ਿਲਮ ਨੇ ਵਧਾਇਆ ਪੰਜਾਬੀ ਸਿਨੇਮਾ ਦਾ ਕੱਦ
ਵਿਦੇਸ਼ ਜਾਣ ਲਈ ਕਿਹੜੇ ਕਿਹੜੇ ਰਾਹ ਅਪਣਾਉਂਦੇ ਹਨ ਪੰਜਾਬੀ ਤੇ ਕਿਹੜੇ ਕਿਹੜੇ ਹਾਲਾਤਾਂ ਤੋਂ ਹੁੰਦੇ ਹੋਏ ਵਿਦੇਸ਼ ਪਹੁੰਚਦੇ ਹਨ।
ਪੰਜਾਬੀ ਸਿਨੇਮਾ ਆਪਣੇ ਕੰਟੈਂਟ, ਆਪਣੇ ਵਿਸ਼ਿਆਂ ‘ਤੇ ਜਿਸ ਤਰ੍ਹਾਂ ਐਕਸਪੈਰੀਮੈਂਟ ਕਰ ਰਿਹਾ ਹੈ, ਉਸਦੀ ਤਰੀਫ਼ ਹੋਣੀ ਬਣਦੀ ਹੈ, ਇਸ ਨਾਲ ਸਾਡੇ ਪੰਜਾਬੀ ਸਿਨੇਮਾ ਦਾ ਕੱਦ ਵੀ ਵੱਧ ਰਿਹਾ ਹੈ। ਅੱਜ ਪੰਜਾਬੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਦਾ ਟਰੇਲਰ ਰਿਲੀਜ਼ ਹੋਇਆ ਹੈ ਜਿਸਨੂੰ ਦਰਸ਼ਕਾਂ ਵੱਲੋਂ ਕਾਫੀ ਸਰਾਹਿਆ ਜਾ ਰਿਹਾ ਹੈ। ਫ਼ਿਲਮ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਮੁੱਖ ਕਿਰਦਾਰ ਵਿੱਚ ਹਨ ਜਿਨ੍ਹਾਂ ਦੀ ਅਦਾਕਾਰੀ ਦੀ ਲੋਕਾਂ ਨੇ ਖੂਬ ਤਰੀਫ਼ ਕੀਤੀ ਹੈ।
ਰਾਕੇਸ਼ ਧਵਨ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਫ਼ਿਲਮ 'ਆਜਾ ਮੈਕਸੀਕੋ ਚੱਲੀਏ' ਵਿਚ ਐਮੀ ਵਿਰਕ ਦੇ ਨਾਲ ਸਾਡੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਅਦਾਕਾਰ ਨਾਸਿਰ ਚਿਣਯੋਤੀ, ਜ਼ਾਫ਼ਰੀ ਖਾਨ, ਸੁਖਵਿੰਦਰ ਚਾਹਲ, ਹਨੀ ਮੱਟੂ, ਬਲਜਿੰਦਰ ਕੌਰ, ਮਿੰਟੂ ਕੱਪਾ, ਇਰਾਨੀ ਕੁੜੀ-ਯਸਾਮਨ ਮੋਹਸਾਨੀ, ਸਿਕੰਦਰ ਘੁੰਮਣ, ਸ਼ਹਿਬਾਜ਼ ਘੁੰਮਣ ਅਤੇ ਹੋਰ ਵੀ ਫ਼ਿਲਮ ਵਿੱਚ ਨਜ਼ਰ ਆ ਰਹੇ ਹਨ ਜਿਨ੍ਹਾਂ ਨੇ ਆਪਣੇ ਸ਼ਾਨਦਾਰ ਅਭਿਨੈ ਨਾਲ ਦਰਸ਼ਕਾਂ ਨੂੰ ਇੰਪ੍ਰੈਸ ਕੀਤਾ ਹੈ।
ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਦੇ ਬਹੁਤ ਸ਼ੌਕੀਨ ਹਨ, ਪਰ ਇਹ ਸਭ ਜਿੰਨਾ ਸੌਖਾ ਲੱਗਦਾ ਹੈ ਉਨਾਂ ਹੈ ਨਹੀਂ। ਰੋਜ਼ੀ ਰੋਟੀ ਦੀ ਭਾਲ ਤੇ ਘਰ ਦੀਆਂ ਮਜਬੂਰੀਆਂ ਨੂੰ ਦੇਖਦੇ ਹੋਏ ਪੰਜਾਬੀ ਵਿਦੇਸ਼ਾਂ ਵੱਲ ਨੂੰ ਰੁੱਖ ਕਰਦੇ ਹਨ ਤੇ ਕਿਸ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਉਹ ਸਭ ਤੁਹਾਨੂੰ ਇਸ ਫ਼ਿਲਮ ਵਿੱਚ ਦਿਖੇਗਾ। ‘ਆਜਾ ਮੈਕਸੀਕੋ ਚੱਲੀਏ' ਵਿੱਚ ਐਮੀ ਵਿਰਕ ਪੰਜਾਬ ਦੇ ਇੱਕ ਨੌਜਵਾਨ ਪੰਮੇ ਦੀ ਭੂਮਿਕਾ ਨਿਭਾਅ ਰਿਹਾ ਹੈ ਜੋ ਵਿਦੇਸ਼ ਜਾਣਾ ਚਾਹੁੰਦਾ ਹੈ। ਪਰ ਜਿੰਨਾ ਆਸਾਨ ਉਸਨੂੰ ਲੱਗਦਾ ਹੈ ਉਨਾਂ ਆਸਾਨ ਹੈ ਨਹੀਂ, ਪੰਮੇ ਨੂੰ ਕਿਹੜੇ ਕਿਹੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਿਸ ਤਰ੍ਹਾਂ ਉਹ ਮੈਕਸੀਕੋ ਦੇ ਜੰਗਲਾਂ ਵਿੱਚ ਫੱਸ ਜਾਂਦਾ ਹੈ ਇਸ ਸਭ ਤੁਸੀਂ ਫ਼ਿਲਮ ਵਿੱਚ ਦੇਖੋਗੇ।
ਲੋਕਾਂ ਦੇ ਵਿਦੇਸ਼ ਜਾਣ ਦੇ ਵੱਖ ਵੱਖ ਕਾਰਣ ਹੁੰਦੇ ਹਨ, ਕੋਈ ਸ਼ੌਂਕ ਲਈ ਜਾਂਦਾ ਹੈ, ਕੋਈ ਪੜ੍ਹਨ, ਕੋਈ ਮਜਬੂਰੀ ਵੱਸ, ਕੋਈ ਨਵੀਂ ਪੜਚੋਲ ਲਈ। ਪਰ ਕੀ ਵਿਦੇਸ਼ ਜਾਣਾ ਇੱਕ ਦੂਜੇ ਸ਼ਹਿਰ ਜਾਣ ਜਿੰਨਾ ਹੀ ਸੌਖਾ ਹੁੰਦਾ ਹੈ? ਕੀ ਹਰ ਕਿਸੇ ਦਾ ਵਿਦੇਸ਼ ਜਾਣਾ ਸੰਭਵ ਹੈ? ਜਦੋਂ ਕਿਸੇ ਦੀ ਵਿਦੇਸ਼ ਜਾਣ ਦੀ ਆਸ ਮੁੱਕਦੀ ਹੈ ਤਾਂ ਉਹ ਹੋਰ ਬਹੁਤ ਤਰੀਕੇ ਅਪਣਾਉਂਦਾ ਹੈ। ਇਹਨਾਂ ਤਰੀਕਿਆਂ ਵਿਚੋਂ ਸਭ ਤੋਂ ਔਖਾ ਅਤੇ ਭਿਆਨਕ ਤਰੀਕਾ ਹੈ ਡੋਂਕੀ ਲਾ ਕੇ ਵਿਦੇਸ਼ ਜਾਣਾ। ਪਤਾ ਨਹੀਂ ਕਿੰਨੇ ਹੀ ਵਿਦੇਸ਼ ਜਾਣ ਦੇ ਚਾਹਵਾਨ ਮੈਕਸੀਕੋ ਦੇ ਜੰਗਲਾਂ ਨੇ ਖਾ ਲਏ। ਕਹਿਣਾ ਤਾਂ ਸੌਖਾ ਹੈ ਕੀ ‘ਆਜਾ ਮੈਕਸੀਕੋ ਚੱਲੀਏ’ ਪਰ ਇਹ ਰਸਤਾ ਕਿੰਨਾ ਖੌਫਨਾਕ ਹੁੰਦਾ ਹੈ ਉਹ ਦੱਸਣ ਦੀ ਕੋਸ਼ਿਸ਼ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਵਿੱਚ ਕੀਤੀ ਗਈ ਹੈ।
ਫ਼ਿਲਮ ਦੇ ਦਿਲ ਨੂੰ ਛੋਹ ਲੈਣ ਵਾਲੇ ਗੀਤ ਬੀਰ ਸਿੰਘ, ਹੈਪੀ ਰਾਏਕੋਟੀ ਤੇ ਹਰਮਨਜੀਤ ਵੱਲੋਂ ਲਿਖੇ ਗਏ ਹਨ ਅਤੇ ਇਹਨਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ਐਮੀ ਵਿਰਕ ਤੇ ਬੀਰ ਸਿੰਘ ਨੇ।
ਰਾਕੇਸ਼ ਧਵਨ ਦੁਆਰਾ ਲਿਖੀ ਤੇ ਨਿਰਦੇਸ਼ਤ, ਫਿਲਮ ਆਜਾ ਮੈਕਸੀਕੋ ਚੱਲੀਏ ਦੇ ਨਿਰਮਾਤਾ ਐਮੀ ਵਿਰਕ, ਗੁਰਪ੍ਰੀਤ ਸਿੰਘ ਅਤੇ ਦਲਜੀਤ ਸਿੰਘ ਥਿੰਦ ਹਨ। ਇਹ ਫਿਲਮ ਐਮੀ ਵਿਰਕ ਪ੍ਰੋਡਕਸ਼ਨ ਅਤੇ ਥਿੰਦ ਮੋਸ਼ਨ ਫ਼ਿਲਮਜ਼ ਦੁਆਰਾ ਦੁਨੀਆ ਭਰ ਵਿਚ 25 ਫਰਵਰੀ ਨੂੰ ਰਿਲੀਜ਼ ਕੀਤੀ ਜਾ ਰਹੀ ਹੈ।