ਕਰੋਨਾ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ
ਵਾਰਡ, ਪਿੰਡ ਪੱਧਰ, ਭੱਠਿਆਂ, ਫੈਕਟਰੀਆਂ, ਲੇਬਰ ਕਲੋਨੀਆਂ ਵਿੱਚ ਜਾ ਕੇ ਟੀਕਾਕਰਨ ਕਰਨ ਦੇ ਆਦੇਸ਼
100 ਪ੍ਰਤੀਸ਼ਤ ਟੀਕਾਕਰਨ ਹੀ ਕਰੋਨਾ ਤੋਂ ਬਚਾਅ ਦਾ ਸਹੀ ਹਥਿਆਰ
ਫ਼ਰੀਦਕੋਟ 28 ਜਨਵਰੀ, ਫ਼ਰੀਦਕੋਟ ਜ਼ਿਲ੍ਹੇ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਭਾਰਤ ਸਰਕਾਰ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 100 ਪ੍ਰਤੀਸ਼ਤ ਟੀਕਾਕਰਣ ਮੁਕੰਮਲ ਕਰਨ ਤਹਿਤ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਸ. ਹਰਬੀਰ ਸਿੰਘ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਟੀਕਾਕਰਨ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਗਏ ।
ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਿੰਡ, ਵਾਰਡ ਪੱਧਰ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਭੱਠਿਆਂ, ਲੇਬਰ ਕਲੋਨੀਆਂ, ਕਾਰਖ਼ਾਨਿਆਂ, ਉਦਯੋਗਾਂ ਆਦਿ ਤੇ ਵੱਧ ਤੋਂ ਵੱਧ ਟੀਕਾਕਰਨ ਮੁਹਿੰਮ ਚਲਾਉਣ ਤਾਂ ਜੋ ਜ਼ਿਲ੍ਹੇ ਦਾ ਕੋਈ ਵੀ ਵਸਨੀਕ ਕੋਰੋਨਾ ਦੀ ਰੋਕਥਾਮ ਲਈ ਕੋਰੋਨਾ ਦੀ ਪਹਿਲੀ ਅਤੇ ਦੂਜੀ ਖੁਰਾਕ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਰੋਕਥਾਮ ਲਈ ਸਿਰਫ਼ ਟੀਕਾਕਰਨ ਹੀ ਕਾਰਗਰ ਹਥਿਆਰ ਹੈ ਅਤੇ ਇਸ ਲਈ ਕਰੋਨਾ ਤੋਂ ਬਚਾਅ ਲਈ ਦੋਵੇਂ ਖੁਰਾਕਾਂ ਲਵਾਉਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਵਿਚ ਵੱਧ ਤੋਂ ਵੱਧ ਯੋਗਦਾਨ ਦੇਣ। ਉਨ੍ਹਾਂ ਪੰਚਾਇਤਾਂ, ਚੁਣੇ ਹੋਏ ਨੁਮਾਇੰਦਿਆਂ, ਸਵੈ ਸੇਵੀ ਧਾਰਮਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਰੋਨਾ ਵੈਕਸੀਨੇਸ਼ਨ ਦਾ ਜ਼ਿਲ੍ਹੇ ਵਿੱਚ 100 ਪ੍ਰਤੀਸ਼ਤ ਟੀਚਾ ਪੂਰਾ ਕਰਨ ਲਈ ਟੀਕਾਕਰਨ ਲਈ ਆਈਆਂ ਟੀਮਾਂ ਨੂੰ ਪੂਰਨ ਸਹਿਯੋਗ ਦੇਣ ਅਤੇ ਪਿੰਡਾਂ, ਸ਼ਹਿਰਾਂ ਵਿੱਚ ਕੋਈ ਵੀ ਨਾਗਰਿਕ ਟੀਕਾਕਰਨ ਤੋਂ ਵਾਂਝਾ ਨਾ ਰਹੇ ।
ਡਿਪਟੀ ਕਮਿਸ਼ਨਰ ਸ ਹਰਬੀਰ ਸਿੰਘ ਨੇ ਅੱਗੇ ਕਿਹਾ ਕਿ ਜਿਹੜੇ ਵੀ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਦੋਵੇਂ ਖੁਰਾਕਾਂ ਲੱਗੀਆਂ ਲੱਗ ਚੁੱਕੀਆਂ ਹਨ, ਉਹ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੂਸਟਰ ਡੋਜ਼ ਜ਼ਰੂਰ ਲਗਵਾਉਣ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਹੈਲਥ ਵਰਕਰ, ਫਰੰਟ ਲਾਈਨ ਵਰਕਰ ਤੇ ਚੋਣ ਡਿਊਟੀ ਤੇ ਤਾਇਨਾਤ ਅਧਿਕਾਰੀਆਂ / ਕਰਮਚਾਰੀਆਂ, ਬਜ਼ੁਰਗਾਂ ਨੂੰ ਪਹਿਲ ਦੇ ਆਧਾਰ ਤੇ ਬੂਸਟਰ ਡੋਜ਼ ਲਗਾਈ ਜਾ ਰਹੀ ਹੈ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਕੰਮ ਵਿੱਚ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਅਰਬਨ) ਸ. ਪਰਮਦੀਪ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ.ਪ੍ਰੀਤ ਮਹਿੰਦਰ ਸਿੰਘ ਸਹੋਤਾ, ਐਸ.ਡੀ.ਐਮ ਕੋਟਕਪੂਰਾ ਸ੍ਰੀ ਵਰਿੰਦਰ ਸਿੰਘ, ਸਿਵਲ ਸਰਜਨ ਡਾ ਸੰਜੇ ਕਪੂਰ,ਡੀ.ਡੀ.ਪੀ.ਓ ਸ.ਬਲਜੀਤ ਸਿੰਘ, ਸਮੂਹ ਐਸ ਐਮ ਓਜ਼ ਸਮੂਹ ਬੀ.ਡੀ.ਪੀ.ਓਜ਼ ਸਮੂਹ ਈ.ਓਜ਼ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।