ਜਿ਼ਲ੍ਹਾ ਵਾਸੀਆਂ ਨੂੰ ਕੋਵਿਡ ਵੈਕਸੀਨ ਕਰਵਾਉਣ ਦੀ ਅਪੀਲ-ਡਿਪਟੀ ਕਮਿਸ਼ਨਰ
ਸਮਾਜ ਨੂੰ ਮਹਾਮਾਰੀ ਤੋਂ ਬਚਾਉਣ ਲਈ ਨੈਤਿਕ ਫਰਜ ਸਮਝ ਕੇ ਲਗਵਾਓ ਵੈਕਸੀਨ
ਜਿ਼ਲ੍ਹੇ ਵਿਚ ਮਿਲੇ 79 ਨਵੇਂ ਕੋਵਿਡ ਕੇਸ
ਫਾਜਿ਼ਲਕਾ, 18 ਜਨਵਰੀ, ਫਾਜਿ਼ਲਕਾ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਨੇ ਜਿ਼ਲ੍ਹੇ ਵਿਚ ਕੋਵਿਡ ਦੇ ਵੱਧਦੇ ਮਾਮਲਿਆਂ ਦੇ ਮੱਦੇਨਜਰ ਜਿ਼ਲ੍ਹਾ ਵਾਸੀਆਂ ਨੂੰ ਤੁੰਰਤ ਕੋਵਿਡ ਵੈਕਸੀਨ ਦੀਆਂ ਦੋਨੋਂ ਖੁਰਾਕਾਂ ਲਗਵਾਉਣ ਦੀ ਅਪੀਲ ਕੀਤੀ ਹੈ।ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਕਰੋਨਾ ਤੇਜੀ ਨਾਲ ਫੈਲ ਰਿਹਾ ਹੈ ਅਤੇ ਅੱਜ ਵੀ ਜਿ਼ਲ੍ਹੇ ਵਿਚ 79 ਨਵੇਂ ਕੇਸ ਆਏ ਹਨ ਅਤੇ ਜਿ਼ਲ੍ਹੇ ਵਿਚ ਐਕਟਿਵ ਕੇਸਾਂ ਦੀ ਗਿਣਤੀ 533 ਹੋ ਚੁੱਕੀ ਹੈ।ਇਸ ਲਈ ਜਰੂਰੀ ਹੈ ਕਿ ਕੋਵਿਡ ਦੀ ਵੈਕਸੀਨ ਦੀਆਂ ਦੋਨੋਂ ਖੁਰਾਕਾਂ ਸਾਰੇ ਯੋਗ ਨਾਗਰਿਕ ਲਗਵਾਉਣ ਕਿਉਂਕਿ ਵੈਕਸੀਨ ਰਾਹੀਂ ਹੀ ਕੋਵਿਡ ਦੀ ਭਿਆਨਕ ਬਿਮਾਰੀ ਤੇ ਰੋਕ ਲਗਾਈ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜਿ਼ਲ੍ਹੇ ਵਿਚ 10161 ਖੁਰਾਕਾਂ ਵੈਕਸੀਨ ਦੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਜਿ਼ਨ੍ਹਾਂ ਨੇ ਪਹਿਲੀ ਖੁਰਾਕ ਲਗਵਾ ਲਈ ਤਾਂ ਉਹ ਦੂਰੀ ਖੁਰਾਕ ਤੈਅ ਸਮੇਂ ਤੇ ਜਰੂਰ ਲਗਵਾਉਣ ਅਤੇ ਜਿੰਨ੍ਹਾਂ ਨੇ ਪਹਿਲੀ ਖੁਰਾਕ ਵੀ ਨਹੀਂ ਲਗਵਾਈ ਹੈ ਉਹ ਪਹਿਲੀ ਖੁਰਾਕ ਦਾ ਟੀਕਾ ਤੁਰੰਤ ਲਗਵਾਉਣ। ਉਨ੍ਹਾਂ ਨੇ ਕਿਹਾ ਕਿ ਕੋਵਿਡ ਦਾ ਨਵਾਂ ਵੈਰੀਐਂਟ ਤੇਜੀ ਨਾਲ ਫੈਲਦਾ ਹੈ ਅਤੇ ਜ਼ੇਕਰ ਅਸੀਂ ਵੈਕਸੀਨ ਨਹੀਂ ਲਗਵਾਉਂਦੇ ਤਾਂ ਆਪਣੇ ਨਾਲ ਨਾਲ ਆਪਣੇ ਪਰਿਵਾਰ ਅਤੇ ਸਾਰੇ ਸਮਾਜ ਲਈ ਖਤਰਾ ਬਣਦੇ ਹਾਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਨੈਤਿਕ ਫਰਜ ਸਮਝਦੇ ਹੋਏ ਵੈਕਸੀਨ ਜਰੂਰ ਲਗਵਾਉਣ। ਇਸ ਤੋਂ ਬਿਨ੍ਹਾਂ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿਚ ਬਿਨ੍ਹਾ ਮਾਸਕ ਦੇ ਆਉਣ ਵਾਲਿਆਂ ਨੂੰ ਕੋਈ ਸੇਵਾ ਨਹੀਂ ਮਿਲੇਗੀ।