ਮੈਡੀਕਲ ਪ੍ਰੈਕਟੀਸ਼ਨਰਾਂ ਲਈ ਵਿਸ਼ੇਸ਼ ਮੈਡੀਕਲ ਸਿਖਲਾਈ ਪ੍ਰੋਗਰਾਮ ਸ਼ੁਰੂ ਕਰੇਗੀ ‘ਆਪ’ ਦੀ ਸਰਕਾਰ: ਹਰਪਾਲ ਸਿੰਘ ਚੀਮਾ
ਖਸਤਾਹਾਲ ਸਰਕਾਰੀ ਸਿਹਤ ਸੇਵਾਵਾਂ ਦੌਰਾਨ ਪੇਂਡੂ ਖੇਤਰਾਂ ’ਚ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਅਹਿਮ ਯੋਗਦਾਨ
ਹੋਰਨਾਂ ਵਾਂਗ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਵੀ ਵਫ਼ਾ ਨਾ ਹੋਏ ਕਾਂਗਰਸ ਅਤੇ ਬਾਦਲਾਂ ਦੇ ਵਾਅਦੇ
ਚੰਡੀਗੜ੍ਹ, 27 ਦਸੰਬਰ, ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਬਾਦਲ ’ਤੇ ਸੂਬੇ ਵਿੱਚ ਗਰੀਬਾਂ ਦੀ ਸੇਵਾ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਵਾਅਦਾ ਖ਼ਿਲਾਫ਼ੀ ਕਰਨ ਦਾ ਦੋਸ਼ ਲਾਇਆ ਹੈ। ਚੀਮਾ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਸੂਬੇ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਲਈ ‘ਵਿਸ਼ੇਸ਼ ਮੈਡੀਕਲ ਸਿਖ਼ਲਾਈ’ ਪ੍ਰੋਗਰਾਮ ਸ਼ੁਰੂ ਕਰੇਗੀ, ਤਾਂ ਜੋ ਮੈਡੀਕਲ ਪ੍ਰੈਕਟੀਸ਼ਨਰ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਗਰੀਬਾਂ ਦੀ ਡਾਕਟਰੀ ਸੇਵਾ ਕਰਦੇ ਰਹਿਣ ਅਤੇ ਆਪਣਾ ਜੀਵਨ ਬਸਰ ਸੁਚੱਜੇ ਢੰਗ ਨਾਲ ਕਰ ਸਕਣ।
ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ’ਤੇ ਰਾਜ ਕਰਨ ਵਾਲੀਆਂ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਕੈਪਟਨ ਅਮਰਿੰਦਰ ਸਿੰਘ ਨੇ ਪਿੰਡਾਂ ਅਤੇ ਸ਼ਹਿਰਾਂ ਦੇ ਗਰੀਬ ਇਲਾਕਿਆਂ ਵਿੱਚ ਮੁੱਢਲੀਆਂ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਹਮੇਸ਼ਾਂ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਲ 2012 ਵਿੱਚ ਅਕਾਲੀ ਦਲ ਬਾਦਲ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਰਕਾਰੀ ਪੱਧਰ ’ਤੇ ਰਜਿਸਟਰਡ ਕਰਕੇ ਡਾਕਟਰੀ ਸੇਵਾਵਾਂ ਜਾਰੀ ਰੱਖਣ ਦਾ ਵਾਅਦਾ ਕੀਤਾ ਸੀ, ਜੋ ਅੱਜ ਤੱਕ ਵਫ਼ਾ ਨਹੀਂ ਹੋਇਆ। ਇਸੇ ਤਰ੍ਹਾਂ ਕਾਂਗਰਸ ਪਾਰਟੀ ਨੇ 2017 ਦੀਆਂ ਚੋਣਾ ਸਮੇਂ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ (ਮੈਡੀਕਲ ਪ੍ਰੈਕਟੀਸ਼ਨਰਾਂ) ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ। ਕੇਵਲ ਵਾਅਦਾ ਹੀ ਨਹੀਂ ਕੀਤਾ, ਸਗੋਂ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ 2017 ਦੀ ਮੱਦ ਨੰਬਰ 16 ਵਿੱਚ ਦਰਜ ਕੀਤਾ ਸੀ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਿਖ਼ਲਾਈ ਦੇ ਕੇ ਡਾਕਟਰੀ ਸੇਵਾਵਾਂ ਕਰਨ ਦੀ ਕਾਨੂੰਨੀ ਇਜ਼ਾਜਤ ਦਿੱਤੀ ਜਾਵੇਗੀ।
ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਬਾਦਲ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਕੀਤਾ ਵਾਅਦੇ ਸੂਬੇ ਦੇ ਹੋਰਨਾਂ ਵਰਗਾਂ ਨਾਲ ਕੀਤੇ ਵਾਅਦਿਆਂ ਵਾਂਗ ਵਫ਼ਾ ਨਹੀਂ ਹੋਏ, ਜਿਸ ਕਾਰਨ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਸਿਰ ’ਤੇ ਗੈਰਕਾਨੂੰਨੀ ਸੇਵਾਵਾਂ ਕਰਨ ਦੀ ਤਲਵਾਰ ਹਰ ਸਮੇਂ ਲੱਟਕਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਸੂਬੇ ਦੇ ਗਰੀਬ ਪਰਿਾਵਰਾਂ ਨੂੰ ਇਲਾਜ ਪ੍ਰਦਾਨ ਕਰਨ ਵਿੱਚ ਵੱਡਾ ਯੋਗਦਾਨ ਹੈ, ਕਿਉਂਕਿ ਕਾਂਗਰਸ, ਕੈਪਟਨ, ਬਾਦਲ ਅਤੇ ਭਾਜਪਾ ਨੇ ਸੂਬੇ ਵਿੱਚ ਸਰਕਾਰੀ ਇਲਾਜ ਵਿਵਸਥਾ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਇਨ੍ਹਾਂ ਸੱਤਾਧਾਰੀਆਂ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰਫੁੱਲਤ ਕੀਤਾ ਹੈ ਅਤੇ ਆਮ ਲੋਕਾਂ ਕੋਲੋਂ ਸਸਤੇ ਅਤੇ ਚੰਗੇ ਇਲਾਜ ਦਾ ਹੱਕ ਖੋਹ ਲਿਆ ਹੈ। ਅਜਿਹੀ ਸਥਿਤੀ ਵਿੱਚ ਕਰੀਬ 1 ਲੱਖ 20 ਹਜ਼ਾਰ ਮੈਡੀਕਲ ਪ੍ਰੈਕਟੀਸ਼ਨਰ ਆਮ ਲੋਕਾਂ ਨੂੰ ਮੁੱਢਲਾ ਇਲਾਜ ਪ੍ਰਦਾਨ ਕਰ ਰਹੇ ਹਨ।
ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੀਆਂ ਸਰਕਾਰਾਂ ਨੇ ਸੂਬੇ ਵਿੱਚ ਸੇਵਾਵਾਂ ਦੇ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਮੰਨਣ ਦੀ ਥਾਂ ਉਨ੍ਹਾਂ ਨੂੰ ਪੁਲੀਸ ਦੇ ਰਾਹੀਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਦੋਂ ਕਿ ਸੱਤਾ ’ਚ ਰਹੇ ਲੋਕਾਂ ਨੇ ਨਾ ਤਾਂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕਰਨ ਦੀ ਕੋਈ ਵਿਵਸਥਾ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਵਿਸ਼ੇਸ਼ ਮੈਡੀਕਲ ਸਿਖਲਾਈ ਪ੍ਰਦਾਨ ਕਰਨ ਦਾ ਪ੍ਰਬੰਧ ਕੀਤਾ ਹੈ। ਚੀਮਾ ਨੇ ਵਾਅਦਾ ਕੀਤਾ ਕਿ ਜਲਦੀ ਹੀ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਸਰਕਾਰ ਬਣਨ ਤੋਂ ਤੁਰੰਤ ਬਾਅਦ ਮੈਡੀਕਲ ਪ੍ਰੈਕਟੀਸ਼ਨਰਾਂ ਲਈ ਉਨ੍ਹਾਂ ਦੀ ਮੰਗ ਅਨੁਸਾਰ ‘ਵਿਸ਼ੇਸ਼ ਮੈਡੀਕਲ ਸਿਖਲਾਈ’ ਦਾ ਪ੍ਰਬੰਧ ਕਰੇਗੀ ਤਾਂ ਜੋ ਇਹ ਪ੍ਰੈਕਟੀਸ਼ਨਰ ਸਮਾਜ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕਰਦੇ ਰਹਿਣ, ਕਿਉਕਿ ਸਿਹਤ ਅਤੇ ਸਿੱਖਿਆ ਆਮ ਆਦਮੀ ਪਾਰਟੀ ਦੇ ਸਭ ਤੋਂ ਪਹਿਲੀ ਤਰਜ਼ੀਹ ਵਾਲੇ ਮੁੱਦੇ ਹਨ। ਇਹਨਾਂ ਖੇਤਰਾਂ ’ਚ ਸੇਵਾਵਾਂ ਦੇਣ ਵਾਲਿਆਂ ਲਈ ‘ਆਪ’ ਬੇਹੱਦ ਸਨਮਾਨ ਰੱਖਦੀ ਹੈ।