ਨਾਭਾ ਅਤੇ ਰਾਜਪੁਰਾ 'ਚ ਵਪਾਰੀਆਂ ਅਤੇ ਕਾਰੋਬਾਰੀਆਂ ਦੇ ਰੂ-ਬ-ਰੂ ਹੋਏ 'ਆਪ' ਦੇ ਕੌਮੀ ਆਗੂ ਅਤੇ ਦਿੱਲੀ ਦੇ ਮੰਤਰੀ ਸਤਿੰਦਰ ਜੈਨ

ਨਾਭਾ ਅਤੇ ਰਾਜਪੁਰਾ 'ਚ ਵਪਾਰੀਆਂ ਅਤੇ ਕਾਰੋਬਾਰੀਆਂ ਦੇ ਰੂ-ਬ-ਰੂ ਹੋਏ 'ਆਪ' ਦੇ ਕੌਮੀ ਆਗੂ ਅਤੇ ਦਿੱਲੀ ਦੇ ਮੰਤਰੀ ਸਤਿੰਦਰ ਜੈਨ

ਸੱਤਾਧਾਰੀਆਂ ਵੱਲੋਂ ਹਿੱਸਾ-ਪੱਤੀ ਭਾਲਣ ਕਰਕੇ ਪੰਜਾਬ 'ਚ ਕਾਰੋਬਾਰ ਕਰਨ ਤੋਂ ਡਰਦਾ ਵਪਾਰੀ ਵਰਗ-ਸਤਿੰਦਰ ਜੈਨ

ਪਟਿਆਲਾ,  ਰਾਜਪੁਰਾ, ਨਾਭਾ, 24 ਦਸੰਬਰ, ਆਮ ਆਦਮੀ ਪਾਰਟੀ ਦੇ ਕੌਮੀ ਆਗੂ ਅਤੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਹੈ ਕਿ ਪੰਜਾਬ ਦਾ ਵਪਾਰੀ ਵਰਗ ਸੂਬੇ 'ਚ ਵਪਾਰ, ਕਾਰੋਬਾਰ ਜਾਂ ਉਗਯੋਗ ਲਗਾਉਣ ਤੋਂ ਇਸ ਕਰਕੇ ਡਰਦਾ ਹੈ ਕਿਉਂਕਿ ਇਥੋਂ ਦੇ ਸੱਤਾਧਾਰੀ ਉਨਾਂ ਦੇ ਵਪਾਰ ਕਾਰੋਬਾਰ ਵਿਚੋਂ ਹਿੱਸਾ ਭਾਲਣ ਲੱਗ ਜਾਂਦੇ ਹਨ। ਲਾਲ ਫੀਤਾ ਸ਼ਾਹੀ ਅਤੇ ਇੰਸਪੈਕਟਰੀ ਰਾਜ ਦੇ ਨਾਲ-ਨਾਲ ਸੱਤਾਧਾਰੀਆਂ ਦੀ ਸਰਪਰਸਤੀ ਹੇਠ ਚੱਲਦਾ ਮਾਫੀਆ ਰਾਜ ਗੁੰਡਾ ਟੈਕਸ ਵਸੂਲਦਾ ਹੈ। ਜਿਸ ਕਾਰਨ ਪੰਜਾਬ ਦਾ ਵਪਾਰੀ ਅਤੇ ਕਾਰੋਬਾਰੀ ਪੰਜਾਬ ਦੀ ਥਾਂ ਦੂਜੇ ਸੂਬਿਆਂ 'ਚ ਵਪਾਰ ਅਤੇ ਉਦਯੋਗ ਸਥਾਪਿਤ ਕਰਨ ਨੂੰ ਪਹਿਲ ਦੇਣ ਲੱਗੇ ਹਨ।
ਸ਼ੁੱਕਰਵਾਰ ਨੂੰ ਸਤਿੰਦਰ ਜੈਨ ਪਟਿਆਲਾ ਜਿਲੇ ਦੇ ਨਾਭਾ ਅਤੇ ਰਾਜਪੁਰਾ ਵਿਚ ਆਮ ਆਦਮੀ ਪਾਰਟੀ ਵੱਲੋਂ ਰੱਖੇ ਪ੍ਰੋਗਰਾਮਾਂ ਵਿਚ ਵਪਾਰੀਆਂ-ਕਾਰੋਬਾਰੀਆਂ, ਦੁਕਾਨਦਾਰਾਂ ਅਤੇ ਉਦਯੋਗਪਤੀਆਂ ਦੇ ਨਾਲ ਸੰਵਾਦ ਕਰਨ ਪਹੁੰਚੇ ਹੋਏ ਸਨ। ਜਿੱਥੇ ਉਨਾਂ ਵਪਾਰੀ ਵਰਗ ਨੂੰ ਦਰਪੇਸ਼ ਦਿਕੱਤਾਂ ਅਤੇ ਮੁਸ਼ਕਲਾਂ ਦੇ ਨਾਲ-ਨਾਲ ਉਨਾਂ ਦੇ ਹੱਲ ਬਾਰੇ ਵੀ ਵਿਚਾਰ -ਚਰਚਾ ਕੀਤੀ।
ਇਸ ਮੌਕੇ ਉਨਾਂ ਕਿਹਾ ਕਿ ਪੰਜਾਬ ਵਿੱਚ ਮਾਫੀਆ ਰਾਜ ਅਤੇ  ਭ੍ਰਿਸ਼ਟਾਚਾਰ ਸਿਖਰਾਂ 'ਤੇ ਹੈ, ਜਿਸ ਕਾਰਨ ਆਮ ਲੋਕ ਗਰੀਬ ਹੋ ਰਹੇ ਹਨ ਅਤੇ ਸਿਆਸੀ ਆਗੂ ਅਤੇ ਉਨਾਂ ਦੇ ਚੇਲੇ-ਚਪਟੇ ਦਿਨ ਪ੍ਰਤੀ ਦਿਨ ਅਮੀਰ ਹੋ ਰਹੇ ਹਨ। ਸਤਿੰਦਰ ਜੈਨ ਨੇ ਵਪਾਰੀਆਂ ਕਾਰੋਬਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਵਿੱਚੋਂ ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾਵੇਗਾ ਅਤੇ ਵਪਾਰ ਲਈ ਕਾਰਗਾਰ ਮਹੌਲ ਸਿਰਜਿਆ ਜਾਵੇਗਾ। ਉਨਾਂ ਇਸ ਮਿਸ਼ਨ ਲਈ ਸੂਬੇ ਦੇ ਕਾਰੋਬਾਰੀਆਂ, ਵਪਾਰੀਆਂ, ਦੁਕਾਨਦਾਰਾਂ ਅਤੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ 'ਆਪ' ਦੀ ਸਰਕਾਰ ਬਣਾ ਕੇ ਸਰਕਾਰ 'ਚ ਹਿੱਸੇਦਾਰ ਬਣਨ,ਕਿਉਂਕਿ ਆਮ ਆਦਮੀ ਪਾਰਟੀ ਵਪਾਰ ਕਾਰੋਬਾਰ 'ਚ ਤਰੱਕੀ ਦੀ ਨੀਤੀ 'ਤੇ ਕੰਮ ਕਰਦੀ ਹੈ। ਦਿੱਲੀ 'ਚ ਕੇਜਰੀਵਾਲ ਸਰਕਾਰ ਇਸ ਦੀ ਪ੍ਰਤੱਖ ਮਿਸਾਲ ਹੈ।
ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਸਤਿੰਦਰ ਜੈਨ ਨੇ ਕਿਹਾ ਕਿ ਪੰਜਾਬ ਦੇ ਵਪਾਰੀ ਵੋਟ ਦੇਣਾ ਅਤੇ ਟੈਕਸ ਦੇਣਾ ਜਾਣਦੇ ਹਨ। ਦੂਜੇ ਪਾਸੇ ਸਿਆਸੀ ਆਗੂ ਵੋਟ ਲੈਣਾ ਅਤੇ ਟੈਕਸ ਖਾਣਾ ਹੀ ਜਾਣਦੇ ਹਨ। ਪੰਜਾਬ ਦੀ ਸੱਤਾ 'ਤੇ ਕਾਬਜ ਰਹੀਆਂ ਪਾਰਟੀਆਂ ਅਕਾਲੀ ਦਲ, ਕਾਂਗਰਸ , ਭਾਜਪਾ ਆਦਿ ਨੇ ਰਲਮਿਲ ਕੇ ਪੰਜਾਬ ਦੇ ਖ਼ਜਾਨੇ ਨੂੰ ਲੁੱਟਿਆ ਹੈ। ਪਰ ਪੰਜਾਬ ਦੇ ਕਾਰੋਬਾਰੀਆਂ ਵਪਾਰੀਆਂ ਨੂੰ ਚੋਰ ਕਹਿ ਕੇ ਨਿੰਦਿਆਂ ਜਾਂਦਾ ਹੈ, ਜਦੋਂ ਕਿ ਸਚਾਈ ਇਹ ਹੈ ਕਿ ਕਾਰੋਬਾਰੀ ਵਪਾਰੀ ਲੋਕਾਂ ਨੂੰ ਰੋਜ਼ਗਾਰ ਦਿੰਦੇ ਹਨ। ਉਨਾਂ ਕਿ ਪੰਜਾਬ ਦੇ ਨੋਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਕੀ ਕਾਰਨ ਹੈ ਅੱਜ ਸਭ ਤੋਂ ਜਿਆਦਾ ਪੰਜਾਬੀ ਕਾਰੋਬਾਰੀ ਕੈਨੇਡਾ ਦੀ ਧਰਤੀ 'ਤੇ ਕਾਮਯਾਬ ਹਨ। ਜੈਨ ਨੇ ਕਿਹਾ ਕੈਨੇਡਾ ਵਿੱਚ ਇੱਕ ਤਾਂ ਰਿਸ਼ਵਤਖੋਰੀ ਨਹੀਂ ਹੈ ਅਤੇ ਦੂਜਾ ਉਥੇ ਵਪਾਰ ਕਰਨਾ ਆਸਾਨ ਹੈ।
ਸਤਿੰਦਰ ਜੈਨ ਨੇ ਕਿਹਾ ਕਿ ਪੰਜਾਬ ਸਮੇਤ ਦੇਸ਼ ਵਿੱਚ ਵੱਡੀਆਂ ਕੰਪਨੀਆਂ ਵਪਾਰੀਆਂ  ਅਤੇ ਲੋਕਾਂ ਨੂੰ ਲੁੱਟ ਰਹੀਆਂ ਹਨ ਅਤੇ ਇਨਾਂ ਕੰਪਨੀਆਂ ਨੂੰ ਸੁਰੱਖਿਆ ਅਤੇ ਲੁੱਟਣ ਦੀ ਖੁਲ ਦੇਸ਼ ਦੇ ਰਾਜ ਕਰਨ ਵਾਲੀਆਂ ਪਾਰਟੀਆਂ ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਵੱਲੋਂ ਦਿੱਤੀ ਗਈ ਹੈ। ਉਨਾਂ ਕਿਹਾ ਕਿ ਇੱਕ ਕਾਰੋਬਾਰੀ ਨੂੰ ਸਰਕਾਰੀ ਅਫ਼ਸਰ, ਸਿਆਸੀ ਆਗੂ ਅਤੇ ਵੰਡੀਆਂ ਕੰਪਨੀਆਂ ਲੁੱਟ ਰਹੀਆਂ ਹਨ। ਇਹੋ ਲੁੱਟ ਬੰਦ ਕਰਨੀ ਪੈਣੀ ਹੈ। ਜੈਨ ਨੇ ਕਿਹਾਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਕਾਰੋਬਾਰੀਆਂ ਦੀ ਲੁੱਟ ਬੰਦ ਕੀਤੀ ਹੈ ਅਤੇ ਕਾਰੋਬਾਰ ਕਰਨ ਲਈ ਜ਼ਰੂਰੀ ਦਫ਼ਤਰੀ ਕਾਰਵਾਈ ਵੀ ਸੁਖਾਲੀ ਕੀਤੀ ਹੋਈ ਹੈ ਅਤੇ ਗੈਰ ਜ਼ਰੂਰੀ ਕਾਰਵਾਈ ਖਤਮ ਕਰ ਦਿੱਤੀ ਹੈ।
ਸਤਿੰਦਰ ਜੈਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਸਰਕਾਰ ਬਣਨ ਤੋਂ ਦੂਜੇ ਦਿਨ ਹੀ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਬੰਦ ਕਰ ਦਿੱਤੀ ਜਾਵੇਗੀ ਕਿਉਂਕਿ ਆਮ ਅਦਾਮੀ ਪਾਰਟੀ ਨੂੰ ਭ੍ਰਿਸ਼ਟਾਚਾਰ ਖ਼ਤਮ ਕਰਨਾ ਆਉਂਦਾ ਹੈ।  ਉਨਾਂ ਕਿਹਾ ਕਿ ਸਰਕਾਰ ਬਣਾ ਕੇ ਐਲਾਨ ਕੀਤਾ ਜਾਵੇਗਾ ਕਿ ਪੰਜਾਬ ਵਿੱਚ ਰਿਸ਼ਵਖੋਰੀ ਬੰਦ ਹੈ, ਪਰ ਫਿਰ ਵੀ ਜਿਹੜਾ ਅਫ਼ਸਰ ਰਿਸ਼ਵਤ ਲਵੇਗਾ, ਉਸ 'ਤੇ ਡੰਡਾ ਚਲਾਵਾਂਗੇ। ਜੈਨ ਨੇ ਕਿਹਾ ਪੰਜਾਬ ਕਰਾਂਤੀਕਾਰੀ ਸੂਬਾ ਹੈ, ਜਿਸ ਦੀ ਕਰਾਂਤੀ ਕਾਰਨ ਹੀ ਅੰਗਰੇਜ਼ ਦੇਸ਼ ਛੱਡ ਕੇ ਭੱਜੇ ਹਨ। ਪੰਜਾਬ ਦੇ ਲੋਕ ਹੁਣ ਫਿਰ ਕਰਾਂਤੀ ਕਰਨਗੇ ਅਤੇ ਭ੍ਰਿਸ਼ਟਾਚਾਰੀਆਂ ਨੂੰ ਭਜਾਉਣਗੇ।
ਪੰਜਾਬ ਦੇ ਲੋਕਾਂ ਤੋਂ ਭਰਪੂਰ ਬਹੁਮਤ ਦੀ ਮੰਗ ਕਰਦਿਆਂ ਸਤਿੰਦਰ ਜੈਨ ਨੇ ਕਿਹਾ ਕਿ ਭਾਵੇਂ ਸਰਵਿਆਂ ਵਿੱਚ ਆਮ ਆਦਮੀ ਪਾਰਟੀ ਨੂੰ 60 ਦੇ ਕਰੀਬ ਸੀਟਾਂ ਦੇ ਕੇ 'ਆਪ' ਦੀ ਯਕੀਨਨ ਸਰਕਾਰ ਬਣਾ ਰਹੇ ਹਨ, ਪਰ ਉਹ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਨ ਕਿ ਘੱਟੋ ਤੋਂ ਘੱਟ 80 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣ ਤਾਂ ਜੋ ਵਾਰੀ ਬੰਨ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਸਬਕ ਸਿਖਾਇਆ ਜਾਵੇ। ਜੈਨ ਨੇ ਕਿਹਾ ਕਿ ਉਨਾਂ ਨੂੰ ਪੂਰਾ ਯਕੀਨ ਹੈ ਪਕ ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰ ਬਣਾਉਣਗੇ ਅਤੇ ਅਗਲੀ ਵਾਰ  ਕੁੱਲ ਸੀਟਾਂ ਵਿਚੋਂ 90 ਫ਼ੀਸਦੀ ਸੀਟਾਂ ਪਾਰਟੀ ਦੀ ਝੋਲੀ ਵਿੰਚ ਪਾਇਆ ਕਰਨਗੇ।